ਭਗਤ ਸਿੰਘ ਦੀ ਘੋੜੀ – ਗੌਤਮ ਸਚਦੇਵ

Date:

Share post:

ਗ਼ਮ ਅਤੇ ਸਦਮੇ ਵਿਚ ਅਕਸਰ ਲੋਕ ਜਾਂ ਤਾਂ ਰੋ-ਪਿਟ ਕੇ ਜੀਅ ਹੌਲ਼ਾ ਕਰ ਲੈਂਦੇ ਹਨ ਜਾਂ ਉਹਨੂੰ ਰੋਮਾਂਟੀਸਾਈਜ਼ ਕਰ ਲੈਂਦੇ ਹਨ।
ਸਰਦਾਰ ਭਗਤ ਸਿੰਘ ਦੇ ਸ਼ਹੀਦ ਹੋਣ ਤੋਂ ਪੰਜਾਬ ਵਿਚ ਸ਼ਹਾਦਤ ਦੀ ਵਡਿਆਈ ਦੀ ਲਹਿਰ ਚੱਲ ਪਈ। ਸ਼ਾਇਰਾਂ ਨੇ ਇਸ ਲਹਿਰ ਨੂੰ ਕਾਫ਼ੀ ਖ਼ੂਬਸੂਰਤ ਬਣਾਇਆ ਅਤੇ ਇਹ ਖ਼ਿਆਲ ਪੇਸ਼ ਕੀਤਾ ਕਿ ਗੱਭਰੂ ਭਗਤ ਸਿੰਘ ਨੇ ਮੌਤ ਨੂੰ ਪਰਣਾਇਆ ਹੈ। ਲੋਕ ਹੰਝੂਆਂ ਦੇ ਨਾਲ਼ ਭਗਤ ਸਿੰਘ ਦੇ ਵਿਆਹ ਦੀਆਂ ਘੋੜੀਆਂ ਵੀ ਗਾਉਣ ਲਗ ਪਏ। ਉਸ ਸਮੇਂ ਇਕ ਘੋੜੀ ਬਹੁਤ ਮਸ਼ਹੂਰ ਹੋਈ। ਇਹ ਵਾਕਿਆ ਮੇਰੀ ਪੈਦਾਇਸ਼ ਤੋਂ ਤਕਰੀਬਨ ਦਸ ਵਰ੍ਹੇ ਪਹਿਲੇ ਦਾ ਹੈ, ਲੇਕਿਨ ਅਪਣੀ ਮਾਂ ਕੋਲ਼ੋਂ ਮੈਂ ਇਹ ਘੋੜੀ ਅਪਣੇ ਬਚਪਣ ਵਿਚ ਕਈ ਵਾਰੀ ਸੁਣੀ। ਅੱਜ ਇਸ ਘੋੜੀ ਬਾਰੇ ਗੱਲ ਕਰਨ ਵੇਲੇ ਸੋਚਦਾ ਹਾਂ ਕਿ ਭਗਤ ਸਿੰਘ ਦੇ ਵਿਆਹ ਕਰਨ ਦੀ ਕਲਪਨਾ ਹੈ ਤਾਂ ਬੜੀ ਸੁਹਣੀ, ਲੇਕਿਨ ਸਵਾਲ ਇਹ ਹੈ ਕਿ ਕੀ ਮੌਤ ਦੇ ਨਾਲ਼ ਵਿਆਹ ਕੀਤਾ ਜਾ ਸਕਦਾ ਹੈ ਅਤੇ ਉਹ ਖ਼ੁਸ਼ੀਆਂ ਮਾਣੀਆਂ ਜਾ ਸਕਦੀਆਂ ਹਨ, ਜੋ ਵਿਆਹ ਕਰ ਕੇ ਹੁੰਦੀਆਂ ਹਨ? ਇਹ ਕੈਸਾ ਵਿਆਹ ਹੈ ਕਿ ਲਾੜੇ ਦੀ ਜਾਨ ਕੱਢ ਲਵੇ, ਜਦ ਕਿ ਲਾੜੀ ਹੋਰੀਂ ਵਿਧਵਾ ਹੋਣ ਲਈ ਵੀ ਵਿਆਹ ਕਰਨ? ਖ਼ੁਦ ਭਗਤ ਸਿੰਘ ਨੂੰ ਮੌਤ ਨੂੰ ਵਹੁਟੀ ਬਣਾਉਣਾ ਪੈਂਦਾ, ਤਾਂ ਉਹ ਕੀ ਸੋਚਦਾ, ਇਹ ਤਾਂ ਨਹੀ ਕਿਹਾ ਜਾ ਸਕਦਾ; ਲੇਕਿਨ ਇਸ ਗੱਲ ਦਾ ਉਹਨੂੰ ਪੂਰਾ ਯਕੀਨ ਸੀ ਕਿ ਫਾਂਸੀ ਦੇ ਨਾਲ਼ ਹੀ ਜ਼ਿੰਦਗੀ ਮੁੱਕ ਜਾਏਗੀ, ਜੋ ਮੁੜ ਕੇ ਕਦੇ ਨਹੀਂ ਮਿਲਣੀ। ਮਰਨ ਵਾਲ਼ੇ ਦੇ ਮੁੜ ਕੇ ਜਨਮ ਲੈਣ ਦੀ ਗੱਲ ਬਿਲਕੁਲ ਗ਼ਲਤ ਹੈ। ਫਾਂਸੀ ਚੜ੍ਹਨ ਤੋਂ ਪਹਿਲੇ ਜੇਲ ਵਿਚ ਲਿਖੇ ਅਪਣੇ ਲੇਖ ‘ਮੈਂ ਕਿਉਂ ਨਾਸਤਕ ਹਾਂ’ ਵਿਚ ਭਗਤ ਸਿੰਘ ਨੇ ਸਾਫ਼ ਕਿਹਾ ਹੈ ਕਿ ਮੌਤ ਦੇ ਨਾਲ਼ ਸਭ ਕੁਝ ਖ਼ਤਮ ਹੋ ਜਾਣਾ ਹੈ ਅਤੇ ਮੈਂ ਤਾਂ ਅਗਲੇ ਜਨਮ ਵਿਚ ਕੁਝ ਹੋਰ ਹੋਣ ਜਾਂ ਸ੍ਵਰਗ ਪ੍ਰਾਪਤ ਕਰਨ ਦੀ ਕਲਪਨਾ ਤਕ ਨਹੀਂ ਕਰ ਸਕਦਾ। ਖ਼ੈਰ, ਇਹ ਸਵਾਲ ਪੁੱਛਣ ਜਾਂ ਮੌਤ ਨਾਲ਼ ਸ਼ਾਦੀ ਦੀ ਕਲਪਨਾ ਅੱਗੇ ਸਵਾਲੀਆ ਨਿਸ਼ਾਨ ਲਾਉਣ ਦੀ ਅਕ਼ਲ ਤਾਂ ਮੈਨੂੰ ਬਹੁਤ ਬਾਅਦ ਵਿਚ ਆਈ; ਲੇਕਿਨ ਜਦ ਮੈਂ ਨਿੱਕੇ ਹੁੰਦਿਆਂ ਭਗਤ ਸਿੰਘ ਦੀ ਮੌਤ ਵਾਲ਼ੀ ਘੋੜੀ ਸੁਣਦਾ ਹੁੰਦਾ ਸੀ, ਤਾਂ ਮੈਨੂੰ ਇਹ ਬਹੁਤ ਚੰਗੀ ਲੱਗਦੀ ਸੀ। ਕਹਿ ਸਕਦਾ ਹਾਂ ਕਿ ਇਹ ਘੋੜੀ ਮੈਂ ਪੰਘੂੜੇ ਵਿਚ ਲੋਰੀ ਵਾਂਙ ਸੁਣੀ ਸੀ, ਕਿਉਂਕਿ ਮੇਰੀ ਮਾਂ ਅਤੇ ਮੇਰੀ ਭੂਆ ਨੂੰ ਇਹ ਬਹੁਤ ਪਸੰਦ ਸੀ। ਫਿਰ ਜਦ ਮੈਂ ਹੋਸ਼ ਸੰਭਾਲ਼ੀ, ਤਾਂ ਮੇਰੇ ਦਿਲ ਵਿਚ ਇਸ ਦੇ ਸ਼ਾਇਰ ਨਾਲ਼ ਮਿਲਣ ਦੀ ਖ਼੍ਵਾਹਿਸ਼ ਪੈਦਾ ਹੋਈ। ਥੋੜੀ-ਬਹੁਤ ਪੁੱਛ-ਗਿੱਛ ਕੀਤੀ, ਲੇਕਿਨ ਕੁਝ ਪਤਾ ਨਾ ਲੱਗਾ। ਵਕ਼ਤ ਲੰਘਦਾ ਚਲਾ ਗਿਆ। ਤਾਂ ਹੀ ਅੱਜ ਤੋਂ ਤਕ਼ਰੀਬਨ ਬਾਰਾਂ ਵਰ੍ਹੇ ਪਹਿਲੇ ਸੰਨ 1998 ਵਿਚ ਕੁਝ ਅਜਿਹਾ ਸਬੱਬ ਬਣਿਆ ਕਿ ਮੇਰੀ ਇਸ ਘੋੜੀ ਦੇ ਸ਼ਾਇਰ ਰਾਮ ਲਭਾਇਆ ਤਾਹਿਰ ਹੋਰਾਂ ਨਾਲ਼ ਮੁਲਾਕਾਤ ਹੋਈ। ਮੈਨੂੰ ਪਤਾ ਨਹੀਂ ਸੀ ਕਿ ਉਹ ਮੇਰੇ ਸਹੁਰਾ ਸਾਹਬ ਦੇ ਪੁਰਾਣੇ ਸਾਥੀ ਰਹੇ ਹਨ। ਮੇਰੇ ਸੁਰਗਵਾਸੀ ਸਹੁਰਾ ਸਾਹਬ ਰਾਮ ਲਭਾਇਆ ਚਾਨਣਾ ਫ਼੍ਰੀਡਮ ਫ਼ਾਇਟਰ ਰਹੇ ਸਨ ਅਤੇ ਸ਼ਹੀਦ ਭਗਤ ਸਿੰਘ ਦੇ ਭਰਾ ਕੁਲਤਾਰ ਸਿੰਘ ਦੇ ਦੋਸਤ ਵੀ ਸਨ। ਦੋਹਵਾਂ ਇਕੱਠੇ ਵਪਾਰ ਵੀ ਕੀਤਾ। ਮੈਂ ਲੰਦਨੋਂ ਦਿੱਲੀ ਗਿਆ ਹੋਇਆ ਸੀ ਅਤੇ ਅਪਣੇ ਸਹੁਰਿਆਂ ਕੋਲ਼ ਹੀ ਠਹਿਰਿਆ ਹੋਇਆ ਸੀ। ਸ਼ਾਇਰ ਰਾਮ ਲਭਾਇਆ ਤਾਹਿਰ ਵੀ ਦਿੱਲੀ ਆਏ ਹੋਏ ਸੀ ਅਤੇ ਚਾਨਣਾ ਸਾਹਬ ਨੇ ਉਨ੍ਹਾਂ ਨੂੰ ਘਰ ਖਾਣੇ ‘ਤੇ ਬੁਲਾਇਆ। ਉਸ ਮੁਲਾਕਾਤ ਵਿਚ ਮੇਰੀ ਉਨ੍ਹਾਂ ਨਾਲ਼ ਲੰਮੀ ਗੱਲਬਾਤ ਹੋਈ ਅਤੇ ਮੇਰੀ ਫ਼ਰਮਾਇਸ਼ `ਤੇ ਉਨ੍ਹਾਂ ਨੇ ਅਪਣੀ ਘੋੜੀ ਰਿਕਾਰਡ ਕਰਵਾਈ।
ਰਿਕਾਰਡ ਕਰਨ ਵਿਚ ਕੀ-ਕੀ ਤਕਲੀਫ਼ਾਂ ਆਈਆਂ, ਇਹ ਅਲੱਗ ਕਹਾਣੀ ਹੈ; ਲੇਕਿਨ ਮੁਖ਼ਤਸਰ ਇਹ ਕਿ ਟੇਪ ਰਿਕਾਰਡਰ ਹੀ ਨਾ ਚੱਲਿਆ ਅਤੇ ਗੁਆਂਢੀਆਂ ਕੋਲ਼ੋਂ ਟੇਪ ਰਿਕਾਰਡਰ ਮੰਗ ਕੇ ਮੈਂ ਤਾਹਿਰ ਜੀ ਦੀਆਂ ਯਾਦਾਂ ਅਤੇ ਉਨ੍ਹਾਂ ਦੇ ਸੁਰ ਵਿਚ ਘੋੜੀ ਰਿਕਾਰਡ ਕੀਤੀ। ਉਸ ਸਮੇਂ ਉਨ੍ਹਾਂ ਦੱਸਿਆ ਕੀ ਉਹ ਸੌ ਵਰ੍ਹਿਆਂ ਦੇ ਹੋ ਚੁੱਕੇ ਹਨ, ਲੇਕਿਨ ਉਨ੍ਹਾਂ ਨੂੰ ਘੋੜੀ ਪੂਰੀ ਯਾਦ ਸੀ ਅਤੇ ਆਵਾਜ਼ ਵਿਚ ਵੀ ਗੂੜ੍ਹੀ ਮਿਠਾਸ ਸੀ। ਸਰਗੋਧੇ ਵਾਲੇ ਪੰਜਾਬੀ ਲਹਿਜੇ ਵਿਚ ਉਨ੍ਹਾਂ ਨੇ ਘੋੜੀ ਸੁਣਾਈ।
ਸ਼ਾਇਰ ਰਾਮ ਲਭਾਇਆ ਤਾਹਿਰ ਖ਼ੁਦ ਵੀ ਮੀਆਂਵਾਲ਼ੀ-ਸਰਗੋਧੇ ਵਾਲ਼ੇ ਪਾਸੇ ਦੇ ਸਨ, ਤਾਹਿਰ ਜੀ ਨੇ ਦੱਸਿਆ ਕਿ ਸਰਦਾਰ ਭਗਤ ਸਿੰਘ ਦੀ ਫਾਂਸੀ ਦੇ ਇਕ ਮਹੀਨੇ ਮਗਰੋਂ ਝੰਗ ਵਿਚ ਸ਼ਹੀਦੀ ਜਲਸਾ ਹੋਇਆ ਸੀ, ਜਿੱਥੇ ਮੈਂ ਅਪਣੀ ਇਹ ਘੋੜੀ ਸੁਣਾਈ ਸੀ। ਬਕੌਲ ਤਾਹਿਰ ਘੋੜੀ ਸੁਣਾਉਣ ਦੀ ਫ਼ਰਮਾਇਸ਼ ਸਟੇਜ ‘ਤੇ ਬੈਠੇ ਪੰਡਤ ਨਹਿਰੂ ਅਤੇ ਕਮਲਾ ਨਹਿਰੂ ਨੇ ਕੀਤੀ ਸੀ ਅਤੇ ਸਰਦਾਰ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਤਾਂ ਘੋੜੀ ਸੁਣ ਕੇ ਰੋਣ ਲੱਗ ਪਏ। ਉੱਥੇ ਬੈਠੀ ਦੋ ਲੱਖ ਦੀ ਖ਼ਲਕਤ ਦਾ ਵੀ ਬੁਰਾ ਹਾਲ ਸੀ।

ਇਸ ਘੋੜੀ ਵਿਚ ਤਾਹਿਰ ਸਾਹਿਬ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਸਾਂਗ ਰੂਪਕ ਅਲੰਕਾਰ ਵਿਚ ਬਿਆਨ ਕੀਤਾ ਹੈ। ਘੋੜੀ ਇੰਝ ਸ਼ੁਰੂ ਹੁੰਦੀ ਹੈ:

ਆਓ ਨੀ ਭੈਣੋ ਰਲ਼-ਮਿਲ਼ ਗਾਵੀਏ ਘੋੜੀਆਂ
ਜੰਝ ਤਾਂ ਹੋਈ ਏ ਤਈਆਰ ਵੇ ਹਾਂ
ਮੌਤ ਕੁੜੀ ਨੂੰ ਪਰਣਾਵਣ ਚੱਲਿਆ ਭਗਤ ਸਿੰਘ ਸਰਦਾਰ ਵੇ ਹਾਂ

ਘੋੜੀ ਚੜ੍ਹਣ ਵਾਲ਼ਾ ਲਾੜਾ ਸਿਰ ‘ਤੇ ਮੁਕਟ ਪਾਉਂਦਾ ਹੈ ਅਤੇ ਸਿਹਰਾ ਬੰਨ੍ਹਦਾ ਹੈ, ਜਦ ਕਿ ਮੌਤ ਨੂੰ ਪਰਣਾਉਣ ਵਾਲੇ ਨੇ ਮੂੰਹ ਉੱਤੇ ਕਾਲ਼ੀ ਟੋਪੀ ਪਾਈ ਹੋਈ ਹੈ:

ਫਾਂਸੀ ਦੀ ਟੋਪੀ ਵਾਲ਼ਾ ਮੁਕਟ ਬਣਾ ਕੇ ਸਿਹਰਾ ਤਾਂ ਬੱਧਾ ਝਾਲਰਦਾਰ ਵੇ ਹਾਂ
ਭਾਰਤ ਦੀ ਮਾਤਾ ਉੱਤੋਂ ਛੰਦਾ ਚਾ ਕੀਤਾ ਪਾਣੀ ਤਾਂ ਪੀਤਾ ਉੱਤੋਂ ਵਾਰ ਵੇ ਹਾਂ

ਸ਼ਾਇਰ ਨੇ ਲਾੜੇ ਦੀ ਮਾਂ ਲਈ ਖ਼ੁਦ ਭਾਰਤ ਮਾਤਾ ਦੀ ਕਲਪਨਾ ਕੀਤੀ ਹੈ। ਇਸ ਲਾੜੇ ਲਈ ਹੰਝੂਆਂ ਦੀ ਘੜੋਲੀ ਭਰੀ ਗਈ ਅਤੇ ਲਹੂ ਦੀ ਮੌਲ਼ੀ ਬੱਧੀ ਗਈ ਹੈ; ਲੇਕਿਨ ਮਹਿੰਦੀ ਲਾਈ ਹੈ, ਹੱਥਕੜੀਆਂ ਦਾ ਗਾਨਾ ਬੰਨ੍ਹਣ ਵਾਲ਼ੇ ਫ਼ਿਰੰਗੀਆਂ ਨੇ:

ਹੰਝੂਆਂ ਦੇ ਪਾਣੀ ਨਾਲ਼ ਭਰ ਕੇ ਘੜੋਲੀ ਲਹੂ ਦੀ ਰਾਖੀ ਏ
ਮੌਲ਼ੀ ਤਾਰ ਵੇ ਹਾਂ
ਖ਼ੂਨੀ ਮਹਿੰਦੀ ਚਾ ਤੈਨੂੰ ਲਾਈ ਫ਼ਿਰੰਗੀਆਂ,
ਹੱਥਕੜੀਆਂ ਦਾ ਗਾਨਾ ਤਈਆਰ ਵੇ ਹਾਂ

ਖਾਰੇ ਚੜ੍ਹਨ ਅਤੇ ਵਾਗ ਗੁੰਦਣ ਦੀਆਂ ਰਸਮਾਂ ਦੀ ਕਲਪਨਾ ਸ਼ਾਇਰ ਨੇ ਇੰਝ ਕੀਤੀ ਹੈ:

ਫਾਂਸੀ ਦੇ ਤਖ਼ਤ ਨੂੰ ਖਾਰਾ ਬਣਾ ਕੇ ਬੈਠਾ ਤਾਂ ਚੌਂਕੜੀ ਮਾਰ ਵੇ ਹਾਂ
ਵਾਗ ਪਕੜਾਈ ਵੇ ਤੈਥੋਂ ਭੈਣਾਂ ਨੇ ਮੰਗਣੀ
ਭੈਣਾਂ ਦਾ ਰੱਖੀ ਵੀਰਾ ਭਾਰ ਵੇ ਹਾਂ

ਇਸ ਅਨੋਖੇ ਵਿਆਹ ਵਿਚ ਵਾਜੇ ਵੀ ਵੱਜੇ ਅਤੇ ਬਾਬਲ ਸੀ ਮਹਾਤਮਾ ਗਾਂਧੀ:

ਮਾਤਮੀ ਵਾਜੇ ਵੱਜਦੇ ਬੂਹੇ ਭਾਰਤ ਤੇ ਮਾਰੂ ਦਾ ਰਾਗ ਉਚਾਰ ਵੇ ਹਾਂ
ਬਾਬਲ ਗਾਂਧੀ ਧਰਮੀ ਕਾਜ ਰਚਾਇਆ ਲਗਨ ਮਹੂਰਤ ਵਿਚਾਰ ਵੇ ਹਾਂ

ਸਰਦਾਰ ਭਗਤ ਸਿੰਘ ਦੇ ਸਾਂਢੂ ਤੇ ਸਰਬਾਲ੍ਹੇ ਕੌਣ ਸੀ ਅਤੇ ਜਾਂਞੀ ਕੌਣ ਸੀ?

ਹਰੀ ਕ੍ਰਿਸ਼ਨ ਵੀ ਤੇਰਾ ਬਣਿਆ ਹੈ ਸਾਂਢੂ, ਢੁੱਕੇ ਤੁਸੀਂ ਇੱਕੇ ਵਾਰ ਵੇ ਹਾਂ
ਰਾਜਗੁਰੂ ਤੇ ਸੁਖਦੇਵ ਸਹਿਬਾਲੜੇ, ਤੁਰਿਆ ਏ ਤੂੰ ਤਾਂ ਵਿਚਕਾਰ ਵੇ ਹਾਂ
ਪੈਂਤੀ ਕਰੋੜ ਤੇਰੇ ਜਾਂਞੀ ਵੇ ਲਾੜਿਆ ਪੈਦਲ ਤੇ ਕਈ ਅਸਵਾਰ ਵੇ ਹਾਂ
ਕਾਲ਼ੀਆਂ ਪੁਸ਼ਾਕਾਂ ਪਾ ਕੇ ਜੰਞ ਹੈ ਤੁਰ ਪਈ
ਤਾਹਿਰ ਵੀ ਹੋਏ ਨੇ ਤਈਆਰ ਵੇ ਹਾਂ।

ਇਸ ਘੋੜੀ ਨੂੰ ਰਿਕਾਰਡ ਕਰਾਉਣ ਦੇ ਸਮੇਂ ਚੂੰਕਿ ਭਾਰਤ ਦੀ ਆਬਾਦੀ ਪੈਂਤੀ ਕਰੋੜ ਤੋਂ ਵੱਧ ਕੇ ਅੱਸੀ ਕਰੋੜ ਹੋ ਚੁੱਕੀ ਸੀ, ਇਸ ਲਈ ਤਾਹਿਰ ਜੀ ਨੇ ਪੈਂਤੀ ਕਰੋੜ ਕਹਿ ਕੇ ਫਿਰ ਇਹ ਤਰਮੀਮ ਵੀ ਕਰ ਦਿੱਤੀ – ਅੱਸੀ ਕਰੋੜ ਤੇਰੇ ਜਾਂਞੀ ਵੇ ਲਾੜਿਆ…।
ਅੱਜ ਅਪਣੀ ਇਸ ਰਿਕਾਰਡਿੰਗ ਨੂੰ ਸੁਣਦਿਆਂ ਮੈਂ ਸੋਚਦਾ ਹਾਂ – ਖਵਰੇ ਰਾਮ ਲਭਾਇਆ ਤਾਹਿਰ ਅਪਣੀ ਘੋੜੀ ਨੂੰ ਰਿਕਾਰਡ ਕਰਾਉਣ ਲਈ ਹੀ ਦਿੱਲੀ ਆਏ ਸਨ; ਕਿਉਂਕਿ ਕੁਝ ਹਫ਼ਤਿਆਂ ਪਿੱਛੋਂ ਮੈਨੂੰ ਮੇਰੇ ਸਹੁਰਾ ਸਾਹਬ ਨੇ ਦੱਸਿਆ ਕਿ ਤਾਹਿਰ ਜੀ ਦਾ ਸੁਰਗਵਾਸ ਹੋ ਗਿਆ ਹੈ।

ਲੰਦਨਵਾਸੀ ਹਿੰਦੀ ਲੇਖਕ ਗੌਤਮ ਸਚਦੇਵ ਨੇ ਇਹ ਲੇਖ ਮਾਰਚ 2002 ਪੰਜਾਬੀ ਵਿਚ ਲਿਖਿਆ ਸੀ
Email: gautam39@aol.com

LEAVE A REPLY

Please enter your comment!
Please enter your name here

[tds_leads input_placeholder="Email address" btn_horiz_align="content-horiz-center" pp_checkbox="yes" pp_msg="SSd2ZSUyMHJlYWQlMjBhbmQlMjBhY2NlcHQlMjB0aGUlMjAlM0NhJTIwaHJlZiUzRCUyMiUyMyUyMiUzRVByaXZhY3klMjBQb2xpY3klM0MlMkZhJTNFLg==" msg_composer="success" display="column" gap="10" input_padd="eyJhbGwiOiIxNXB4IDEwcHgiLCJsYW5kc2NhcGUiOiIxMnB4IDhweCIsInBvcnRyYWl0IjoiMTBweCA2cHgifQ==" input_border="1" btn_text="I want in" btn_tdicon="tdc-font-tdmp tdc-font-tdmp-arrow-right" btn_icon_size="eyJhbGwiOiIxOSIsImxhbmRzY2FwZSI6IjE3IiwicG9ydHJhaXQiOiIxNSJ9" btn_icon_space="eyJhbGwiOiI1IiwicG9ydHJhaXQiOiIzIn0=" btn_radius="0" input_radius="0" f_msg_font_family="521" f_msg_font_size="eyJhbGwiOiIxMyIsInBvcnRyYWl0IjoiMTIifQ==" f_msg_font_weight="400" f_msg_font_line_height="1.4" f_input_font_family="521" f_input_font_size="eyJhbGwiOiIxMyIsImxhbmRzY2FwZSI6IjEzIiwicG9ydHJhaXQiOiIxMiJ9" f_input_font_line_height="1.2" f_btn_font_family="521" f_input_font_weight="500" f_btn_font_size="eyJhbGwiOiIxMyIsImxhbmRzY2FwZSI6IjEyIiwicG9ydHJhaXQiOiIxMSJ9" f_btn_font_line_height="1.2" f_btn_font_weight="600" f_pp_font_family="521" f_pp_font_size="eyJhbGwiOiIxMiIsImxhbmRzY2FwZSI6IjEyIiwicG9ydHJhaXQiOiIxMSJ9" f_pp_font_line_height="1.2" pp_check_color="#000000" pp_check_color_a="#309b65" pp_check_color_a_h="#4cb577" f_btn_font_transform="uppercase" tdc_css="eyJhbGwiOnsibWFyZ2luLWJvdHRvbSI6IjQwIiwiZGlzcGxheSI6IiJ9LCJsYW5kc2NhcGUiOnsibWFyZ2luLWJvdHRvbSI6IjMwIiwiZGlzcGxheSI6IiJ9LCJsYW5kc2NhcGVfbWF4X3dpZHRoIjoxMTQwLCJsYW5kc2NhcGVfbWluX3dpZHRoIjoxMDE5LCJwb3J0cmFpdCI6eyJtYXJnaW4tYm90dG9tIjoiMjUiLCJkaXNwbGF5IjoiIn0sInBvcnRyYWl0X21heF93aWR0aCI6MTAxOCwicG9ydHJhaXRfbWluX3dpZHRoIjo3Njh9" msg_succ_radius="0" btn_bg="#309b65" btn_bg_h="#4cb577" title_space="eyJwb3J0cmFpdCI6IjEyIiwibGFuZHNjYXBlIjoiMTQiLCJhbGwiOiIwIn0=" msg_space="eyJsYW5kc2NhcGUiOiIwIDAgMTJweCJ9" btn_padd="eyJsYW5kc2NhcGUiOiIxMiIsInBvcnRyYWl0IjoiMTBweCJ9" msg_padd="eyJwb3J0cmFpdCI6IjZweCAxMHB4In0=" msg_err_radius="0" f_btn_font_spacing="1"]
spot_img

Related articles

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ। ਉਹ ਸਾਰੀ ਰਾਤ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ ਇਕਮਿਕਤਾ ਦਰਸਾਉਂਦੇਹਰੇ ਤੇ ਕਾਸ਼ਨੀਸਭ ਕੁਝ ਸਵੱਛ ਹੋਣਾ ਲੋਚਦੇਸਫ਼ੈਦ ਤੇ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ ਦੇ ਪਤਾਲਵਿੱਚ ਉਤਰਕੇਕਰੇ,ਚਿਰਾਂ ਤੋਂਇਬਾਦਤ ਤੇਰੀ,ਇੱਕ ਤਪੱਸਵੀ ਹੈਂ, ਤਾਂ ਮਿਲ। ਸਜ਼ਾਸਲੀਬਜਾਂਜ਼ਹਿਰ ਦਾ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ ਹਵਾ ਵਿਚ ਤੇਰੀ ਸੁਗੰਧੀ ਘੁਲਕੇ ਮੇਰੇ ਹਿਰਦੇ ਨੂੰ ਹਲੂਣੇ...