ਸਮੇਂ ਦੇ ਦਰਦਾਂ ਦੀ ਜ਼ਬਾਨ – ਸਾਲਵਾਤੋਰੇ ਕੁਆਜ਼ੀਮੋਦੋ

Date:

Share post:

ਸਾਲਵਾਤੋਰੇ ਕੁਆਜ਼ੀਮੋਦੋ ਨੂੰ ਵੀਹਵੀਂ ਸਦੀ ਵਿਚ ਹੋਇਆ ਇਟਲੀ ਦਾ ਮਹਾਨ ਕਵੀ ਮੰਨਿਆ ਗਿਆ ਹੈ। ਰੋਜ਼ੀ ਰੋਟੀ ਦੀ ਖ਼ਾਤਰ ਉਸਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਅਪਣੇ ਜੀਵਨ ਦੇ ਕਈ ਸਾਲ ਇਸੇ ਕਿੱਤੇ ਵਿਚ ਗੁਜ਼ਾਰੇ ਪਰ ਉਸਦਾ ਅਸਲੀ ਮਨ ਸਾਹਿਤ ਨਾਲ ਜੁੜਿਆ ਹੋਇਆ ਸੀ।
ਉਹਦਾ ਜਨਮ 1901 ਵਿਚ ਸਿਸਲੀ ਦੇ ਇੱਕ ਕਸਬੇ ਮੋਦੀਕਾ ਵਿਚ ਹੋਇਆ ਸੀ। ਮਾਪੇ ਅਮੀਰ ਨਹੀਂ ਸਨ ਪਰ ਘਰ ਦਾ ਤੋਰਾ ਕਿਸੇ ਨਾ ਕਿਸੇ ਤਰ੍ਹਾਂ ਤੁਰਿਆ ਹੀ ਜਾਂਦਾ ਸੀ।
ਸਾਲਵਾਤੋਰੇ ਨੇ ਅਪਣੇ ਜੀਵਨ ਵਿਚ ਸੰਸਾਰ ਦੀਆਂ ਕਲਾਸਕੀ ਲਿਖਤਾਂ ਦੇ ਉਲਥੇ ਵੀ ਕੀਤੇ, ਵਡਮੁੱਲੇ ਅਲੋਚਨਾਤਮਕ ਲੇਖ ਵੀ ਲਿਖੇ ਪਰ ਆਖ਼ਰ ਵਿਚ ਮਾਨਤਾ ਉਸਨੂੰ ਉਹਦੀਆਂ ਕਾਵਿ ਰਚਨਾਵਾਂ ਨੇ ਹੀ ਦੁਆਈ। 1959 ਵਿਚ ਉਸਨੂੰ ਸੰਸਾਰ ਦਾ ਵਕਾਰੀ ਇਨਾਮ ਨੋਬੇਲ ਪ੍ਰਾਈਜ਼ ਦਿੱਤਾ ਗਿਆ। ਸਵੀਡਿਸ਼ ਅਕਾਦਮੀ ਨੇ ਉਹਦੀਆਂ ਕਵਿਤਾਵਾਂ ਨੂੰ ਇਹ ਕਹਿ ਕੇ ਸਲਾਹਿਆ ਸੀ- ‘ਉਸਦੀ ਕਵਿਤਾ ਟਕਸਾਲੀ ਸਾਹਿਤ ਵਰਗੇ ਵਿਲੱਖਣ ਵੇਗ ਨਾਲ ਸਾਡੇ ਅੱਜ ਦੇ ਜੀਵਨ ਦੇ ਦੁਖਦਾਈ ਤਜਰਬਿਆਂ ਦਾ ਵਰਨਣ ਕਰਦੀ ਹੈ।’
ਸਾਲਵਾਤੋਰੇ ਨੇ ਸਰੋਦੀ ਗੀਤਾਂ ਦੀ ਰਚਨਾ ਨਾਲ ਕਵਿਤਾ ਲਿਖਣੀ ਆਰੰਭ ਕੀਤੀ ਸੀ। ਉਹਦੀ ਸਮੁੱਚੀ ਕਾਵਿ ਰਚਨਾ ਨੂੰ ਸਪਸ਼ਟ ਤੌਰ ‘ਤੇ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਭਾਗ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਦਾ ਜਦੋਂ ਉਹ ਕੁਦਰਤ ਅਤੇ ਮਨੁੱਖ ਦੀਆਂ ਨਿੱਜੀ ਸਮੱਸਿਆਵਾਂ ਨਾਲ ਸੰਬੰਧਿਤ ਸੀ ਅਤੇ ਦੂਜਾ ਇਸ ਜੰਗ ਤੋਂ ਬਾਅਦ ਦਾ ਜਦੋਂ ਉਸਨੇ ਸਮਾਜਿਕ ਸਮੱਸਿਆਵਾਂ ਨੂੰ ਅਪਣੇ ਵਿਸ਼ੇ ਬਣਾ ਲਿਆ।
1945 ਵਿਚ ਉਹ ਦੇਸ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਵੀ ਬਣਿਆ ਪਰ ਛੇਤੀ ਹੀ ਉਸਨੂੰ ਅਸਤੀਫ਼ਾ ਦੇਣਾ ਪਿਆ ਕਿਉਂਕਿ ਪਾਰਟੀ ਸਿੱਧੇ ਤੌਰ ‘ਤੇ ਸਿਆਸੀ ਲਿਖ਼ਤਾਂ ਦੀ ਮੰਗ ਕਰਦੀ ਸੀ। ਮੈਸੋਲੀਨੀ ਦੇ ਫਾਸ਼ੀ ਨਿਜ਼ਾਮ ਦੇ ਵਿਰੁੱਧ ਹੋਣ ਕਰਕੇ ਉਸਨੇ ਕੈਦ ਵੀ ਕੱਟੀ ਸੀ ਪਰ ਸਾਹਿਤ ਵਿਚ ਕਲਾਤਮਿਕਤਾ ਨੂੰ ਉਹ ਅਪਣਾ ਇਸ਼ਟ ਮੰਨਦਾ ਸੀ।
ਨੋਬੇਲ ਇਨਾਮ ਮਿਲਣ ਸਮੇਂ ਉਸਨੇ ਅਪਣੀ ਤਕਰੀਰ ਵਿਚ ਕਿਹਾ ਸੀ- ‘ਕਵੀ ਅਤੇ ਸਿਆਸਤਦਾਨ ਕਦੀ ਵੀ ਇੱਕ ਤਰ੍ਹਾਂ ਨਹੀਂ ਸੋਚ ਸਕਦੇ ਕਿਉਂਕਿ ਕਵੀ ਨੇ ਮਨੁੱਖ ਦੇ ਅੰਤਹਕਰਨ ਦੀ ਗੱਲ ਕਰਨੀ ਹੁੰਦੀ ਹੈ ਅਤੇ ਸਿਆਸਤਦਾਨ ਮਨੁੱਖ ਨੂੰ ਕਿਸੇ ਪ੍ਰਬੰਧ ਵਿਚ ਬੰਨ੍ਹਣ ਦੀ ਸੋਚਦਾ ਰਹਿੰਦਾ ਹੈ।’
ਕੁਆਜ਼ੀਮੋਦੋ ਲੰਮੀ ਉਮਰ ਨਹੀਂ ਜੀਅ ਸਕਿਆ। 1968 ਵਿਚ ਅਚਾਨਕ ਦਿਮਾਗ਼ ਦੀ ਨਾੜੀ ਫਟਣ ਨਾਲ ਉਹਦੀ ਮੌਤ ਹੋ ਗਈ।

ਕੁਆਜ਼ੀਮੋਦੋ ਦੀਆਂ ਕਵਿਤਾਵਾਂ

ਉਦਾਸ ਰੁੱਖ ਦੀਆਂ ਟਾਹਣੀਆਂ

ਤੇ ਅਸੀਂ
ਕਿਵੇਂ ਗਾ ਸਕਦੇ ਹਾਂ ਅਸੀਂ,
ਜਦੋਂ ਬਦੇਸ਼ੀਆਂ ਦਾ ਭਾਰਾ ਪੈਰ
ਸਾਡਾ ਦਿਲ ਕੁਚਲ ਰਿਹਾ ਹੋਵੇ।
ਜਦੋਂ ਚੌਕ ਵਿਚ ਪਈਆਂ ਲਾਵਾਰਸ
ਲਾਸ਼ਾਂ ਵਿਚ ਇਕੱਲੇ ਖਲੋਤੇ ਹੋਈਏ,
ਜਿਥੇ ਹਰੇ ਘਾਹ ਦੀਆਂ ਪੱਤੀਆਂ,
ਠੰਡੀ ਬਰਫ਼ ਹੇਠ ਪੱਥਰ ਹੋ ਗਈਆਂ ਹੋਣ,
ਜਿੱਥੇ ਬੱਚਿਆਂ ਦੇ ਮਮਿਆਉਣ
ਦੀਆਂ ਆਵਾਜ਼ਾਂ ਸ਼ਹਿ ਗਈਆਂ ਹੋਣ,
ਤੇ ਅਪਣੇ ਉਨ੍ਹਾਂ ਪੁਤਰਾਂ ਨੂੰ ਮਿਲਣ ਜਾਂਦੀਆਂ
ਮਾਵਾਂ ਦੀਆਂ ਦੋਜ਼ਖੀ ਚੀਕਾਂ ਹੁਆਂਕਦੀਆਂ ਹੋਣ
ਜਿਨ੍ਹਾਂ ਨੂੰ ਤਾਰ ਦੇ ਖਂਭੇ ਨਾਲ ਟੰਗ ਦਿੱਤਾ ਹੋਵੇ।

ਤੇ
ਚੌਕ ਦੇ ਵਿਚਕਾਰ ਖਲੋਤੇ
ਉਦਾਸ ਰੁੱਖ ਦੀਆਂ ਟਾਹਣੀਆਂ ਨਾਲ
ਸਾਡੇ ਸਾਜ਼ਾਂ ਨੂੰ ਵੀ ਟੰਗ ਦਿੱਤਾ ਹੋਵੇ।
ਜੋ ਨਿੱਮੋਝੂਣੀ ਹਵਾ ਵਿਚ ਹੌਲੀ ਹੌਲੀ
ਏਧਰ ਓਧਰ ਹਿੱਲਦੇ ਹੋਣ।

ਜਿਥੇ ਮੁਰਦੇ ਅੱਖਾਂ ਟੱਡੀ ਖਲੋਤੇ ਹਨ

ਅਸੀਂ ਇਨ੍ਹਾਂ ਚੁੱਪ ਕੀਤੇ ਘਰਾਂ
ਦੇ ਕੋਲ ਦੀ ਲੰਘਾਂਗੇ
ਜਿਥੇ ਮੁਰਦੇ ਅੱਖਾਂ ਟੱਡੀ ਖਲੋਤੇ ਹਨ।
ਤੇ ਸਮੇਂ ਤੋਂ ਪਹਿਲਾਂ ਹੀ ਪ੍ਰੌਢ ਹੋ ਗਏ ਬੱਚੇ
ਅਜਿਹੀ ਹਾਸੀ ਹੱਸਦੇ ਜੋ
ਉਦਾਸ ਕਰਦੀ ਹੈ ਉਨ੍ਹਾਂ ਨੂੰ।
ਤੇ ਅੱਧੀ ਰਾਤ ਵੇਲੇ
ਟਾਹਣੀਆਂ ਦੇ ਪੱਤੇ
ਬੇਜ਼ਬਾਨ ਖਿੜਕੀਆਂ ‘ਤੇ ਵੱਜਦੇ।

ਅਸੀਂ ਜੇ ਕਦੀ ਜੀਊਂਦੇ ਵੀ ਰਹੇ ਸੀ
ਤਾਂ ਹੁਣ ਸਾਡੀਆਂ ਆਵਾਜ਼ਾਂ
ਇਨ੍ਹਾਂ ਮੁਰਦਿਆਂ ਵਰਗੀਆਂ ਹੋ ਜਾਣਗੀਆਂ।

ਜੰਗਲਾਂ ਅਤੇ ਪਹਾੜਾਂ ਦੇ ਡੂੰਘੇ ਰਸਤੇ
ਜੋ ਸਾਨੂੰ ਦਰਿਆਵਾਂ ਤੱਕ ਲੈ ਜਾਂਦੇ ਸਨ
ਹੁਣ ਸਾਡੇ ਲਈ ਸੁਪਨੇ ਬਣਕੇ ਰਹਿ ਜਾਣਗੇ।

ਹੁਣ ਦਿਨ ਚੜ੍ਹਦਾ ਰਿਹਾ ਹੈ

ਰਾਤ ਮੁੱਕ ਰਹੀ ਹੈ,
ਤੇ ਚੰਦਰਮਾ ਨਦੀ ਦੇ ਨਿੱਖਰੇ ਹੋਏ
ਪਾਣੀਆਂ ਵਿਚ ਪਿਘਲ ਰਿਹਾ ਹੈ।

ਇਵੇਂ ਹੀ ਜੀਊਂਦਾ ਹੈ
ਇਨ੍ਹਾਂ ਮੈਦਾਨਾਂ ਵਿਚ
ਸਤੰਬਰ ਦਾ ਮਹੀਨਾ।
ਜੂਹਾਂ ਉਸੇ ਤਰ੍ਹਾਂ ਹਰੀਆਂ ਹਨ
ਜਿਵੇਂ ਬਹਾਰ ਵਿਚ
ਦੱਖਣ ਦੀਆਂ ਮਨਮੋਹਕ ਘਾਟੀਆਂ।

ਮੈਂ ਤੁਰ ਗਿਆ ਹਾਂ ਦੋਸਤੋ
ਪੁਰਾਣੀਆਂ ਕੰਧਾਂ ਵਿਚ ਲੁਕੋ
ਆਇਆ ਹਾਂ ਚੁਪਕੇ ਜਹੇ ਅਪਣਾ ਦਿਲ,
ਤਾਂ ਜੋ ਉਹ ਇਕੱਲਾ ਟਿਕਿਆ ਰਹੇ
ਤੁਹਾਨੂੰ ਸਾਰਿਆਂ ਨੂੰ ਯਾਦ ਕਰਦਾ।
ਹੁਣ ਤੁਸੀਂ ਚੰਦਰਮਾ ਵਾਂਗ
ਮੇਰੇ ਤੋਂ ਦੂਰ ਹੋ ਗਏ ਹੋ।

ਹੁਣ ਦਿਨ ਚੜ੍ਹ ਰਿਹਾ ਹੈ
ਤੇ ਘੋੜਿਆਂ ਦੇ ਪੌੜ
ਗਲੀਆਂ ਦੇ ਪੱਥਰਾਂ ‘ਤੇ ਖੜਾਕ ਕਰ ਰਹੇ ਹਨ।

ਮੇਰੇ ਸਮੇਂ ਦੇ ਮਨੁੱਖ

ਮੇਰੇ ਸਮੇਂ ਦੇ ਮਨੁੱਖ
ਤੂੰ ਅਜੇ ਵੀ ਉਹੀ ਹੈਂ,
ਇੱਕ ਹੱਥ ਵਿਚ ਪੱਥਰ
ਤੇ ਦੂਜੇ ਵਿਚ ਗੋਪੀਆ।
ਤੂੰ ਹੀ ਸੀ ਚੰਦਰੇ ਪਰਾਂ
ਅਤੇ ਕਾਲੀ ਧੁੱਪਘੜੀ ਵਾਲੇ
ਭਿਆਨਕ ਜੰਤਰ ਨੂੰ ਚਲਾਉਂਦਾ।

ਮੈਂ ਤੈਨੂੰ ਆਪ ਦੇਖਿਆ ਹੈ
ਅਗਨੀ ਰਥ ਦੀ ਸਵਾਰੀ ਕਰਦਿਆਂ,
ਫਾਂਸੀ ਦੇ ਫੰਦੇ ਦੇ ਕੋਲ ਖਲੋਤਿਆਂ,
ਚਰਖੜੀ ਦੇ ਪਹੀਏ ਨੂੰ ਦੇਖਦਿਆਂ,

ਮੈਂ ਤੈਨੂੰ ਦੇਖਿਆ ਹੈ,
ਤੈਨੂੰ, ਤਬਾਹ ਕਰ ਦੇਣ ਵਾਲੀ
ਵਿਗਿਆਨਕ ਵਿਦਿਆ ਦੇ ਹਥਿਆਰ ਸਮੇਤ
ਜਿਸ ਵਿਚ ਰੱਬ ਜਾਂ ਪਿਆਰ ਲਈ
ਕੋਈ ਨਿਗੂਣੀ ਥਾਂ ਵੀ ਨਹੀਂ ਸੀ।
ਫੇਰ ਹਰ ਵਾਰ ਦੀ ਤਰ੍ਹਾਂ
ਤੂੰ ਸ਼ਿਕਾਰ ਦਾ ਖੂਨ ਕੀਤਾ
ਉਸੇ ਤਰ੍ਹਾਂ ਜਿਵੇਂ ਤੇਰੇ ਪਿਓ ਨੇ ਕੀਤਾ ਸੀ,
ਉਸੇ ਤਰ੍ਹਾਂ ਜਿਵੇਂ ਪਹਿਲੀ ਵਾਰ
ਵੇਖਣ ਵੇਲੇ ਕਿਸੇ ਜਾਨਵਰ ਨੇ ਤੇਰਾ ਕੀਤਾ ਸੀ।
ਤੇ ਉਦੋਂ ਵਾਲੇ ਸੱਜਰੇ ਖੂਨ
ਦੀ ਬਾਸ ਅੱਜ ਵੀ ਉਵੇਂ ਹੀ ਆਉਂਦੀ ਹੈ।
ਜਿਵੇਂ ਇੱਕ ਭਰਾ ਨੇ ਦੂਜੇ ਨੂੰ ਕਿਹਾ ਸੀ
‘ਆ ਖੇਤਾਂ ਵੱਲ ਨੂੰ ਚੱਲੀਏ’।
ਤੇ ਉਹੀ ਧਵਨੀ, ਕਠੋਰਤਾ, ਹੱਠ
ਠੀਕ ਅੱਜ ਦੇ ਦਿਨ ਤੱਕ ਤੇਰੀ
ਕਾਇਆ ਵਿਚ ਸਮਾਇਆ ਹੈ ।

ਬੱਚਿਓ, ਭੁਲ ਜਾਓ
ਧਰਤੀ ਵਿਚੋਂ ਉਠੇ ਖੂਨ ਦੇ ਬੱਦਲ,
ਭੁੱਲ ਜਾਓ ਅਪਣੇ ਪਿਓਆਂ ਦੀ ਹੋਣੀ।
ਉਨ੍ਹਾਂ ਦੀਆਂ ਕਬਰਾਂ ਦੱਬੀਆਂ ਗਈਆਂ ਹਨ
ਸੁਆਹ ਦੇ ਢੇਰਾਂ ਹੇਠ,
ਉਨ੍ਹਾਂ ਦੇ ਦਿਲਾਂ ਨੂੰ ਦਬੋਚ ਲਿਆ ਹੈ
ਕਾਲੇ ਪਰਿੰਦਿਆਂ ਵਾਲੀ ਹਵਾ ਨੇ।

ਅਗਸਤ ’45 ਦਾ ਮਿਲਾਨ *

ਤੂੰ ਐਵੇਂ ਮਿੱਟੀ ਫਰੋਲਦਾ ਏਂ
ਵਿਚਾਰੇ ਹੱਥ, ਤੇਰਾ ਸ਼ਹਿਰ ਤਾਂ ਹੁਣ
ਮਰ ਮੁੱਕ ਚੁੱਕਾ ਹੈ।
ਆਖ਼ਰੀ ਗੁੰਜਾਰ ਤਾਂ
ਕਦੋਂ ਦੀ ਸੁਣੀ ਜਾ ਚੁੱਕੀ ਹੈ।
ਗਿਰਜੇ ਦੇ ਉਚੇ ਖੰਬੇ ਤੋਂ ਡਿਗਕੇ
ਬੁਲਬੁਲ ਮਰ ਚੁੱਕੀ ਹੈ
ਜਿਥੇ ਉਹ ਹੁਨਾਲ ਆਉਣ ਤੋਂ ਪਹਿਲਾਂ
ਮਿੱਠੇ ਮਿੱਠੇ ਗੀਤ ਗਾਇਆ ਕਰਦੀ ਸੀ।
ਵਿਹੜੇ ਵਿਚ ਖੂਹ ਨਾ ਪੁੱਟੋ
ਕਿਉਂਕਿ ਜੀਊਂਦਿਆਂ ਨੂੰ ਹੁਣ ਤੇਹ ਨਹੀਂ ਲਗਦੀ।

ਮੁਰਦਿਆਂ ਦੇ ਲਾਲ ਤੇ ਸੁੱਜੇ ਹੋਏ ਸਰੀਰ
ਇਨ੍ਹਾਂ ਨੂੰ ਛੂਹਿਓ ਨਾ,
ਉਨ੍ਹਾਂ ਨੂੰ ਅਪਣੇ ਘਰਾਂ ਦੀ ਮਿੱਟੀ ਵਿਚ
ਆਰਾਮ ਨਾਲ ਪਏ ਰਹਿਣ ਦਿਓ,
ਕਿਉਂਕਿ ਸ਼ਹਿਰ ਤਾਂ ਮਰ ਚੁੱਕਾ ਹੈ।

ਇਟਲੀ ਦਾ ਸ਼ਹਿਰ
ਸਿਆਲ ਦੀ ਰਾਤ

ਤੇ ਫੇਰ ਸਿਆਲ ਦੀ ਰਾਤ
ਨ੍ਹੇਰੇ ਵਿਚ ਚੋਂਦਾ ਘੰਟਾਘਰ
ਧੁੰਦ ਵਿਚ ਲਪੇਟਿਆ ਹੋਇਆ ਦਰਿਆ
ਕੰਡਿਆਂ ਨਾਲ ਭਰੇ ਹੋਏ ਰੁੱਖ।

ਦੋਸਤੋ, ਅਸੀਂ ਗੁਆ ਚੁੱਕੇ ਹਾਂ ਆਪਾ,
ਕੋਈ ਥਾਂ ਨਹੀਂ ਸਾਡੇ ਲਈ ਮੈਦਾਨਾਂ ’ਚ
ਇਥੇ ਧੀਮਾ ਧੀਮਾ ਰੋਂਦੇ ਹਾਂ
ਅਪਣੀ ਪਿਆਰੀ ਧਰਤੀ ਨੂੰ,
ਭੇੜੀਏ ਦੀ ਤਰ੍ਹਾਂ ਦੰਦੀਆਂ ਵੱਢਦੇ ਹਾਂ
ਰੰਗ ਬਰੰਗੇ ਰੁਮਾਲਾਂ ‘ਤੇ।

ਅਪਣੇ ਕੋਲ ਸੁੱਤੇ ਪਏ ਬੱਚੇ ਨੂੰ ਨਾ ਜਗਾਉਣਾ
ਵਿਰਲਾਂ ਵਿਚ ਮਸਾਂ ਢਕੇ ਹੋਏ
ਉੋਹਦੇ ਪੈਰ ਨਾ ਛੂਹ ਦੇਣਾ।
ਕੋਈ ਸਾਨੂੰ ਹੁਣ ਅਪਣੀਆਂ ਮਾਵਾਂ
ਦਾ ਚੇਤਾ ਨਾ ਕਰਾਵੇ,
ਅਪਣੇ ਘਰਾਂ ਦੇ ਸੁਪਨੇ ਨਾ ਦਿਖਾਵੇ।

ਦਿਨ ਪ੍ਰਤੀਦਿਨ

ਦਿਨ ਪ੍ਰਤੀਦਿਨ, ਉਹੀ ਸਰਾਪੇ ਹੋਏ ਸ਼ਬਦ,
ਅਤੇ ਖੂਨ ਅਤੇ ਸੋਨੇ ਦੀ ਝਲਕ।
ਮੇਰੇ ਵਰਗਿਓ, ਮੈਂ ਪਛਾਣਦਾ ਹਾਂ
ਕਿ ਤੁਸੀਂ ਹੀ ਇਸ ਦੁਨੀਆ ਦੇ ਹੋ ਦਰਿੰਦੇ।
ਤੁਹਾਡੇ ਹੀ ਬੁਰਕ ਨਾਲ
ਦਇਆ ਮਰ ਮੁੱਕ ਗਈ ਹੈ
ਤੇ ਸਾਡੇ ਕੋਲੋਂ ਖੁੱਸ ਗਿਆ ਹੈ ਧੀਮਾ ਮੇਲ।
ਮੈਂ ਹੁਣ ਅਪਣੇ ਦੇਵਲੋਕ ਵੱਲ ਨਹੀਂ ਪਰਤ ਸਕਦਾ।

ਹੁਣ ਅਸੀਂ ਸਾਗਰ ਕੰਢੇ ਕਬਰਾਂ ਬਣਾਵਾਂਗੇ
ਲੀਰਾਂ ਲੀਰਾਂ ਹੋਏ ਖੇਤਾਂ ਵਿਚ,
ਪਰ ਅਜਿਹੀ ਇੱਕ ਵੀ ਕਬਰ ਨਹੀਂ
ਜਿਸ ਉਪਰ ਕਿਸੇ ਰਣਬੀਰ ਦਾ ਨਾਮ ਲਿਖ ਸਕੀਏ।

ਮੌਤ ਨੇ ਸਾਡੇ ਨਾਲ ਸਦਾ ਹੀ ਮਜ਼ਾਕ ਕੀਤਾ
ਹਵਾ ਵਿਚ ਅਸੀਂ ਪੱਤਿਆਂ ਦੀ
ਅਕਾ ਦੇਣ ਵਾਲੀ ਖੜ ਖੜ ਸੁਣਦੇ ਰਹੇ,
ਜਿਵੇਂ ਬੀੜ ਵਿਚਲੀ ਤੇਜ਼ ਲੂਹਰੀ ਹਵਾ ਅੰਦਰ
ਗਾਰੇ ਵਿਚ ਖੁਭਿਆ ਪੰਛੀ ਬੱਦਲ ਵੱਲ ਚੜ੍ਹ ਰਿਹਾ ਹੋਵੇ।

ਅੰਗਰੇਜ਼ੀ ਵਿਚੋਂ ਅਨੁਵਾਦ – ਅਵਤਾਰ ਜੰਡਿਆਲਵੀ

LEAVE A REPLY

Please enter your comment!
Please enter your name here

[tds_leads input_placeholder="Email address" btn_horiz_align="content-horiz-center" pp_checkbox="yes" pp_msg="SSd2ZSUyMHJlYWQlMjBhbmQlMjBhY2NlcHQlMjB0aGUlMjAlM0NhJTIwaHJlZiUzRCUyMiUyMyUyMiUzRVByaXZhY3klMjBQb2xpY3klM0MlMkZhJTNFLg==" msg_composer="success" display="column" gap="10" input_padd="eyJhbGwiOiIxNXB4IDEwcHgiLCJsYW5kc2NhcGUiOiIxMnB4IDhweCIsInBvcnRyYWl0IjoiMTBweCA2cHgifQ==" input_border="1" btn_text="I want in" btn_tdicon="tdc-font-tdmp tdc-font-tdmp-arrow-right" btn_icon_size="eyJhbGwiOiIxOSIsImxhbmRzY2FwZSI6IjE3IiwicG9ydHJhaXQiOiIxNSJ9" btn_icon_space="eyJhbGwiOiI1IiwicG9ydHJhaXQiOiIzIn0=" btn_radius="0" input_radius="0" f_msg_font_family="521" f_msg_font_size="eyJhbGwiOiIxMyIsInBvcnRyYWl0IjoiMTIifQ==" f_msg_font_weight="400" f_msg_font_line_height="1.4" f_input_font_family="521" f_input_font_size="eyJhbGwiOiIxMyIsImxhbmRzY2FwZSI6IjEzIiwicG9ydHJhaXQiOiIxMiJ9" f_input_font_line_height="1.2" f_btn_font_family="521" f_input_font_weight="500" f_btn_font_size="eyJhbGwiOiIxMyIsImxhbmRzY2FwZSI6IjEyIiwicG9ydHJhaXQiOiIxMSJ9" f_btn_font_line_height="1.2" f_btn_font_weight="600" f_pp_font_family="521" f_pp_font_size="eyJhbGwiOiIxMiIsImxhbmRzY2FwZSI6IjEyIiwicG9ydHJhaXQiOiIxMSJ9" f_pp_font_line_height="1.2" pp_check_color="#000000" pp_check_color_a="#309b65" pp_check_color_a_h="#4cb577" f_btn_font_transform="uppercase" tdc_css="eyJhbGwiOnsibWFyZ2luLWJvdHRvbSI6IjQwIiwiZGlzcGxheSI6IiJ9LCJsYW5kc2NhcGUiOnsibWFyZ2luLWJvdHRvbSI6IjMwIiwiZGlzcGxheSI6IiJ9LCJsYW5kc2NhcGVfbWF4X3dpZHRoIjoxMTQwLCJsYW5kc2NhcGVfbWluX3dpZHRoIjoxMDE5LCJwb3J0cmFpdCI6eyJtYXJnaW4tYm90dG9tIjoiMjUiLCJkaXNwbGF5IjoiIn0sInBvcnRyYWl0X21heF93aWR0aCI6MTAxOCwicG9ydHJhaXRfbWluX3dpZHRoIjo3Njh9" msg_succ_radius="0" btn_bg="#309b65" btn_bg_h="#4cb577" title_space="eyJwb3J0cmFpdCI6IjEyIiwibGFuZHNjYXBlIjoiMTQiLCJhbGwiOiIwIn0=" msg_space="eyJsYW5kc2NhcGUiOiIwIDAgMTJweCJ9" btn_padd="eyJsYW5kc2NhcGUiOiIxMiIsInBvcnRyYWl0IjoiMTBweCJ9" msg_padd="eyJwb3J0cmFpdCI6IjZweCAxMHB4In0=" msg_err_radius="0" f_btn_font_spacing="1"]
spot_img

Related articles

ਦਾਦਰ ਪੰਡੋਰਵੀ ਦੀ ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ। ਉਹ ਸਾਰੀ ਰਾਤ...

ਬਲਵਿੰਦਰ ਸੰਧੂ ਦੀਆਂ ਕਵਿਤਾਵਾਂ

ਹਲਫ਼ਨਾਮਾਕਵਿਤਾ ਲਿਖਦਾਂ ਤਾਂ-ਕਵਿਤਾ ’ਚ ਕਈ ਰੰਗ ਉਤਰ ਆਉਂਦੇਕੁਦਰਤ ਨਾਲ ਇਕਮਿਕਤਾ ਦਰਸਾਉਂਦੇਹਰੇ ਤੇ ਕਾਸ਼ਨੀਸਭ ਕੁਝ ਸਵੱਛ ਹੋਣਾ ਲੋਚਦੇਸਫ਼ੈਦ ਤੇ...

ਬਿੱਟੂ ਬਰਾੜ ਦੀਆਂ ਕਵਿਤਾਵਾਂ

ਰੂਹ ਦਾ ਪਤਾਲਅੱਖਾਂ ਮੁੰਦੀਲੀਨ ਹੋਇਆ ਬੈਠਾਤੇਰੇ ਵਸਲ ਦੀਖੋਜ ਵਿਚ,ਰੂਹ ਦੇ ਪਤਾਲਵਿੱਚ ਉਤਰਕੇਕਰੇ,ਚਿਰਾਂ ਤੋਂਇਬਾਦਤ ਤੇਰੀ,ਇੱਕ ਤਪੱਸਵੀ ਹੈਂ, ਤਾਂ ਮਿਲ। ਸਜ਼ਾਸਲੀਬਜਾਂਜ਼ਹਿਰ ਦਾ...

ਹਵਾ ਦੇ ਬੁਲ੍ਹੇ ਜਿਹਾ… – ਬਲਦੇਵ ਸਿੰਘ ਚੀਮਾ

ਹਵਾ ਅਜੇ ਚਲ ਰਹੀ ਸੀ ਇੰਝ ਲਗਦਾ ਸੀ ਜਿਵੇਂ ਹਵਾ ਵਿਚ ਤੇਰੀ ਸੁਗੰਧੀ ਘੁਲਕੇ ਮੇਰੇ ਹਿਰਦੇ ਨੂੰ ਹਲੂਣੇ...